ਤੈਨੂੰ ਆਪਣਾ ਬਣਾਉਣ ਲਈ ਸਾਰੀ ਦੁਨੀਆ ਨਾਲ ਖਹਿੰਦੇ ਗਏ,
ਲੱਗ ਤੇਰੇ ਪਿੱਛੇ ਸੱਜ਼ਣਾਂ ਛਾਂ ਨੂੰ ਧੁੱਪ, ਧੁੱਪ ਨੂੰ ਛਾਂ ਕਹਿੰਦੇ ਗਏ,
ਕੀਤਾ ਆਸ਼ਕੀ ਦਾ ਅਸੀਂ ਹਰ ਫਰਜ਼ ਪੂਰਾ ਇੱਥੇ ਸਾਰੀ ਜ਼ਿੰਦਗੀ,
ਉੱਚੀ ਥਾਂ ਤੇ ਸਦਾ ਤੈਨੂੰ ਬਿਠਾਇਆ ਆਪ ਨੀਵੀਂ ਥਾਂ ਬਹਿੰਦੇ ਗਏ,
ਲੱਗਣ ਨਾ ਦਿੱਤੀ ਵਾਹ ਤੈਨੂੰ ਰੁੱਖ ਬਣ ਹਰ ਧੁੱਪ ਤੋ ਬਚਾਇਆ,
ਤੇਰਾ ਹਰ ਦਿੱਤਾ ਦੁੱਖ ਸਿਰ ਮੱਥੇ ਅਸੀਂ ਹੱਸ ਹੱਸ ਸਹਿੰਦੇ ਗਏ,
ਤੇਰੀ ਹਰ ਖ਼ੁਸੀ ਲਈ ਅਸੀਂ ਸਾਰੇ ਪੱਕੇ ਮਹਿਲ ਮੁਨਾਰੇ ਉਸਾਰੇ,
ਨਾ ਕੀਤੀ ਪਰਵਾਹ ਕੱਚੇ ਢਾਰੇ ਬਣ ਸਾਰੀ ਜ਼ਿੰਦਗੀ ਢਹਿੰਦੇ ਗਏ,
ਰੱਬ ਤੋ ਮੰਗਿਆ ਇਨਸਾਫ ਇਸ਼ਕ ਦਾ ਉਹ ਵੀ ਮੂੰਹ ਫੇਰ ਗਿਆ,
ਸ਼ਾਇਦ ਉਹਨੂੰ ਸੀ ਪਤਾ ਰੱਬ ਦੀ ਥਾਂ ਅਸੀਂ ਤੇਰਾ ਨਾਮ ਲੈਂਦੇ ਗਏ,
ਸਮਾਂ ਬਦਲਦਾ ਗਿਆ ਤੁਸੀਂ ਪਰਬਤਾਂ ਵਾਂਗ ਹੋਰ ਉੱਚੇ ਹੁੰਦੇ ਗਏ,
ਸਾਡੀ ਪਾਣੀ ਜਿਹੀ ਔਕਾਤ ਸਦਾ ਉੱਪਰੋਂ ਨੀਵੇਂ ਵੱਲ ਵਹਿੰਦੇ ਗਏ,
ਇੰਨਾਂ ਸਭ ਕੀਤਾ ਅਸੀਂ ਤੇਰੇ ਦਿਲ ਵਿੱਚ ਜਗਾਹ ਬਣਾਉਣ ਲਈ,
ਕੀਤੀ ਨਾ ਭੋਰਾ ਫਿਕਰ ਤੁਸੀਂ ਸਾਡੀ ਸਾਡੇ ਦਿਲੋਂ ਹੀ ਲਹਿੰਦੇ ਗਏ