ਵਰ੍ਹਿਆਂ ਪਿਛੋਂ ਖੁਦ ਦੇ ਕੋਲ ਬੈਠਾ ਹਾਂ
ਕੀ ਦੱਸਾਂ ਕੀ ਕੀ ਫਰੋਲ ਬੈਠਾ ਹਾਂ
ਅਰਥ ਤਾਂ ਹੋਵੇ ਕੋਈ ਮਕਸਦ ਵੀ ਹੋਵੇ
ਮੈਂ ਜਵਾਨੀ ਇੰਜ ਹੀ ਰੋਲ ਬੈਠਾ ਹਾਂ
ਤੇਰੀ ਮਰਜ਼ੀ ਤੂੰ ਗਿਲਾ ਕਰ ਜਾਂ ਸਜ਼ਾ ਦੇ
ਦਿਲ ਨੂੰ ਤੇਰੇ ਅੱਗੇ ਖੋਲ ਬੈਠਾ ਹਾਂ
ਪਿਆਰ ਦਾ ਤੇ ਵਣਜ ਦਾ ਕੀ ਮੇਲ ਹੁੰਦਾ
ਦਿਲ ਨੂੰ ਕੀਹਦੇ ਨਾਲ ਤੋਲ ਬੈਠਾ ਹਾਂ
ਹੋ ਸਕੇ ਤਾਂ ਮਾਫ਼ ਕਰ ਦੇਵੀਂ ਤੂੰ ਮੈਨੂੰ
ਅੱਜ ਪਤਾ ਨਹੀਂ ਕੀ ਕੀ ਬੋਲ ਬੈਠਾ ਹਾਂ
ਕੀ ਪਤਾ ਇਹ ਜ਼ਖਮ ਕਦ ਨਾਸੂਰ ਬਣਿਆ
ਦਰਦ ਨੂੰ ਦਿਲ ਨਾਲ ਘੋਲ ਬੈਠਾ ਹਾਂ